ਕੋਰਟ ਪ੍ਰੋਟੋਕੋਲ
ਅਦਾਲਤ ਇੱਕ ਰਸਮੀ ਅਤੇ ਗੰਭੀਰ ਸਥਾਨ ਹੈ। ਲੋਕਾਂ ਤੋਂ ਅਜਿਹੇ ਵਿਵਹਾਰ ਦੀ ਉਮੀਦ ਕੀਤੀ ਜਾਂਦੀ ਹੈ ਜੋ ਅਦਾਲਤ ਅਤੇ ਨਿਆਂ ਪ੍ਰਣਾਲੀ ਲਈ ਸਤਿਕਾਰ ਨੂੰ ਦਰਸਾਉਂਦਾ ਹੈ।
ਮੈਜਿਸਟ੍ਰੇਟ
ਜਦੋਂ ਵੀ ਮੈਜਿਸਟ੍ਰੇਟ ਅਦਾਲਤ ਦੇ ਕਮਰੇ ਵਿੱਚ ਦਾਖਲ ਹੁੰਦਾ ਹੈ ਜਾਂ ਬਾਹਰ ਜਾਂਦਾ ਹੈ, ਤਾਂ ਤੁਹਾਨੂੰ ਖੜ੍ਹੇ ਹੋਣਾ ਅਤੇ ਆਪਣਾ ਸਿਰ ਝੁਕਾਉਣਾ ਚਾਹੀਦਾ ਹੈ। ਜਦੋਂ ਵੀ ਤੁਸੀਂ ਅਦਾਲਤ ਦੇ ਸੁਣਵਾਈ ਵਾਲੇ ਕਮਰੇ ਵਿੱਚ ਦਾਖਲ ਹੁੰਦੇ ਹੋ ਜਾਂ ਬਾਹਰ ਨਿੱਕਲਦੇ ਹੋ, ਤੁਹਾਨੂੰ ਕੁਈਨਜ਼ਲੈਂਡ ਦੇ ਕੋਟ ਆਫ਼ ਆਰਮਜ਼ ਅੱਗੇ ਝੁਕਣਾ ਚਾਹੀਦਾ ਹੈ। ਤੁਹਾਨੂੰ ਮੈਜਿਸਟ੍ਰੇਟ ਨੂੰ “ਯੂਅਰ ਆਨਰ” ਵਜੋਂ ਸੰਬੋਧਨ ਕਰਨਾ ਚਾਹੀਦਾ ਹੈ ਅਤੇ ਜਦੋਂ ਵੀ ਮੈਜਿਸਟ੍ਰੇਟ ਤੁਹਾਨੂੰ ਸੰਬੋਧਿਤ ਕਰਦਾ ਹੈ ਤਾਂ ਖੜ੍ਹੇ ਹੋਣਾ ਚਾਹੀਦਾ ਹੈ।
ਕੋਰਟ ਰੂਮ ਦੇ ਸ਼ਿਸ਼ਟਾਚਾਰ
ਇਹ ਉਮੀਦ ਕੀਤੀ ਜਾਂਦੀ ਹੈ ਕਿ ਜੋ ਲੋਕ ਅਦਾਲਤ ਵਿੱਚ ਹਾਜ਼ਰ ਹੁੰਦੇ ਹਨ, ਉਹ ਸ਼ਾਂਤ ਅਤੇ ਸਤਿਕਾਰ ਨਾਲ ਰਹਿਣਗੇ। ਤੁਹਾਨੂੰ ਉਦੋਂ ਤੱਕ ਬੋਲਣਾ ਨਹੀਂ ਚਾਹੀਦਾ ਜਦੋਂ ਤੱਕ ਤੁਹਾਨੂੰ ਮੈਜਿਸਟ੍ਰੇਟ ਦੁਆਰਾ ਬੁਲਾਇਆ ਨਹੀਂ ਜਾਂਦਾ ਹੈ। ਤੁਹਾਨੂੰ ਅਦਾਲਤ ਦੇ ਕਮਰੇ ਵਿੱਚ ਕੁੱਝ ਖਾਣਾ, ਸਿਗਰਟ ਪੀਣਾ ਜਾਂ ਚਿਊਗਮ ਨਹੀਂ ਚਬਾਉਣਾ ਚਾਹੀਦਾ ਹੈ।
ਜਦੋਂ ਤੁਸੀਂ ਅਦਾਲਤ ਵਿੱਚ ਹੁੰਦੇ ਹੋ, ਤਾਂ ਯਕੀਨੀ ਬਣਾਓ ਕਿ ਤੁਹਾਡਾ ਫ਼ੋਨ ਬੰਦ ਹੈ ਜਾਂ ਸਾਈਲੈਂਟ ਮੋਡ ‘ਤੇ ਲੱਗਿਆ ਹੋਇਆ ਹੈ। ਤੁਹਾਨੂੰ ਤਸਵੀਰਾਂ ਨਹੀਂ ਲੈਣੀਆਂ ਚਾਹੀਦੀਆਂ ਜਾਂ ਸੁਣਵਾਈਆਂ ਨੂੰ ਰਿਕਾਰਡ ਨਹੀਂ ਕਰਨਾ ਚਾਹੀਦਾ ਹੈ।