ਗਵਾਹ ਵਜੋਂ ਅਦਾਲਤ ਵਿੱਚ ਆਉਣਾ
ਜੇਕਰ ਤੁਸੀਂ ਮੈਜਿਸਟ੍ਰੇਟ ਅਦਾਲਤ ਵਿੱਚ ਇੱਕ ਗਵਾਹ ਵਜੋਂ ਜਾਂਦੇ ਹੋ, ਤਾਂ ਤੁਹਾਨੂੰ ਅਦਾਲਤ ਵਿੱਚ ਪਹੁੰਚਣ ਤੋਂ ਬਾਅਦ ਉਸ ਵਿਅਕਤੀ ਨੂੰ ਸੂਚਿਤ ਕਰਨਾ ਚਾਹੀਦਾ ਹੈ ਜਿਸਨੇ ਤੁਹਾਨੂੰ ਅਦਾਲਤ ਜਾਂ ਰਜਿਸਟਰੀ ਵਿੱਚ ਆਉਣ ਲਈ ਕਿਹਾ ਸੀ। ਤੁਸੀਂ ਅਦਾਲਤ ਵਿੱਚ ਉਦੋਂ ਤੱਕ ਦਾਖ਼ਲ ਨਹੀਂ ਹੋ ਸਕਦੇ ਜਦੋਂ ਤੱਕ ਗਵਾਹੀ ਦੇਣ ਦੀ ਤੁਹਾਡੀ ਵਾਰੀ ਨਹੀਂ ਆਉਂਦੀ ਹੈ। ਤੁਹਾਨੂੰ ਉਸ ਵਿਅਕਤੀ ਦੀ ਮਿਲਣ ਲਈ ਉਡੀਕ ਕਰਨੀ ਚਾਹੀਦੀ ਹੈ ਜਿਸਨੇ ਤੁਹਾਨੂੰ ਅਦਾਲਤ ਵਿੱਚ ਆਉਣ ਲਈ ਕਿਹਾ ਹੈ, ਅਤੇ ਉਹ ਤੁਹਾਨੂੰ ਉਸ ਖੇਤਰ ਵਿੱਚ ਲੈ ਜਾਵੇਗਾ ਜਿੱਥੇ ਤੁਸੀਂ ਉਡੀਕ ਕਰ ਸਕਦੇ ਹੋ।
ਤੁਹਾਨੂੰ ਉੱਥੇ ਬਾਕੀ ਦੇ ਹੋਰ ਉਡੀਕ ਕਰ ਰਹੇ ਗਵਾਹਾਂ ਨਾਲ ਕੇਸ ਬਾਰੇ ਗੱਲ ਕਰਨ ਦੀ ਆਗਿਆ ਨਹੀਂ ਹੈ।
ਜਦੋਂ ਤੁਹਾਡੀ ਵਾਰੀ ਆਉਂਦੀ ਹੈ, ਤਾਂ ਕੋਈ ਵਕੀਲ ਜਾਂ ਕੋਈ ਵਿਅਕਤੀ ਜਿਸ ਨੂੰ ਅਦਾਲਤੀ ਸੇਵਾਵਾਂ ਦਾ ਅਧਿਕਾਰੀ ਕਿਹਾ ਜਾਂਦਾ ਹੈ, ਗਵਾਹੀ ਦੇਣ ਲਈ ਤੁਹਾਨੂੰ ਬੁਲਾਵੇਗਾ। ਉਹ ਤੁਹਾਨੂੰ ਗਵਾਹੀ ਦੇਣ ਵਾਲੇ ਬਕਸੇ ਤੱਕ ਲੈ ਜਾਣਗੇ, ਜੋ ਅਦਾਲਤ ਦੇ ਕਮਰੇ ਵਿੱਚ ਉਹ ਥਾਂ ਹੁੰਦੀ ਹੈ ਜਿੱਥੇ ਗਵਾਹ ਬੈਠਦੇ ਹਨ। ਤੁਹਾਨੂੰ ਸਹੁੰ ਚੁੱਕਣ ਜਾਂ ਪੁਸ਼ਟੀ ਕਰਨ ਲਈ ਕਿਹਾ ਜਾਵੇਗਾ, ਜੋ ਕਿ ਇੱਕ ਗੰਭੀਰ ਵਾਅਦਾ ਹੁੰਦਾ ਹੈ ਕਿ ਤੁਸੀਂ ਅਦਾਲਤ ਵਿੱਚ ਜੋ ਕਹੋਗੇ ਉਹ ਸੱਚ ਕਹੋਗੇ।
ਜਦੋਂ ਤੁਸੀਂ ਗਵਾਹੀ ਦਿੰਦੇ ਹੋ ਤਾਂ ਤੁਹਾਨੂੰ ਸੱਚ ਬੋਲਣਾ ਚਾਹੀਦਾ ਹੈ। ਅਦਾਲਤ ਵਿੱਚ ਸੱਚ ਨਾ ਬੋਲਣਾ ਅਪਰਾਧ ਹੋ ਸਕਦਾ ਹੈ।