ਸਕਿਊਰਿਟੀ ਦੁਆਰਾ ਜਾਂਚ ਕੀਤੇ ਜਾਣ ਤੋਂ ਬਾਅਦ
ਇਹ ਪਤਾ ਲਗਾਉਣਾ ਕਿ ਤੁਹਾਡੇ ਕੇਸ ਦੀ ਸੁਣਵਾਈ ਕਿੱਥੇ ਹੋਵੇਗੀ:
ਕੁੱਝ ਅਦਾਲਤਾਂ ਵਿੱਚ ਇੱਕ ਨੋਟਿਸ ਬੋਰਡ ਹੁੰਦਾ ਹੈ ਜੋ ਹਰ ਰੋਜ਼ ਸੁਣੇ ਜਾਣ ਵਾਲੇ ਮਾਮਲਿਆਂ ਦੀ ਸੂਚੀ ਨੂੰ ਦਰਸਾਉਂਦਾ ਹੈ। ਜੇਕਰ ਤੁਸੀਂ ਇੱਥੇ ਆਪਣੇ ਲਈ ਆਏ ਹੋ, ਤਾਂ ਆਪਣਾ ਨਾਮ ਲੱਭੋ। ਜੇ ਤੁਸੀਂ ਇੱਥੇ ਆਪਣੀ ਕੰਪਨੀ ਲਈ ਆਏ ਹੋ, ਤਾਂ ਆਪਣੀ ਕੰਪਨੀ ਦਾ ਨਾਮ ਲੱਭੋ। ਇਹ ਸੂਚੀ ਆਮ ਤੌਰ ‘ਤੇ ਤੁਹਾਡੇ ਉਪਨਾਮ (ਗੋਤ) ਜਾਂ ਤੁਹਾਡੇ ਮੁੱਖ ਪਰਿਵਾਰ ਦੇ ਨਾਮ, ਜਾਂ ਕੰਪਨੀ ਦੇ ਨਾਮ ਦੇ ਅਨੁਸਾਰ ਵਰਣਮਾਲਾ ਕ੍ਰਮ ਵਿੱਚ ਹੋਵੇਗੀ। ਆਪਣੇ ਨਾਮ ਦੇ ਅੱਗੇ, ਤੁਸੀਂ ਅਦਾਲਤ ਦੇ ਕਮਰੇ ਦਾ ਨੰਬਰ ਦੇਖੋਗੇ ਜਿਸ ਵਿੱਚ ਤੁਹਾਨੂੰ ਜਾਣ ਦੀ ਲੋੜ ਹੈ। ਇਹ ਮਹੱਤਵਪੂਰਨ ਹੈ ਕਿ ਤੁਸੀਂ ਉੱਥੇ ਸਮੇਂ ਸਿਰ ਜਾਂਦੇ ਹੋ।
ਜੇਕਰ ਉੱਥੇ ਕੋਈ ਨੋਟਿਸ ਬੋਰਡ ਨਹੀਂ ਹੈ ਜਾਂ ਤੁਸੀਂ ਆਪਣਾ ਨਾਮ ਨਹੀਂ ਲੱਭ ਸਕਦੇ ਹੋ, ਤਾਂ ਕਿਸੇ ਸਟਾਫ਼ ਮੈਂਬਰ ਨੂੰ ਪੁੱਛੋ ਕਿ ਤੁਹਾਡੇ ਅਦਾਲਤੀ ਕੇਸ ਦੀ ਸੁਣਵਾਈ ਕਿੱਥੇ ਹੋ ਰਹੀ ਹੈ।
ਆਪਣੇ ਕੇਸ ਦੀ ਸੁਣਵਾਈ ਤੋਂ ਪਹਿਲਾਂ ਕੀ ਕਰਨਾ ਹੈ:
ਇੱਕ ਵਾਰ ਜਦੋਂ ਤੁਹਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਤੁਹਾਡੇ ਕੇਸ ਦੀ ਸੁਣਵਾਈ ਕਿੱਥੇ ਹੋ ਰਹੀ ਹੈ, ਤਾਂ ਤੁਸੀਂ ਉਸ ਕਮਰੇ ਦੇ ਬਾਹਰ, ਜਾਂ ਇਸ ਦੇ ਅੰਦਰ ਉਡੀਕ ਕਰ ਸਕਦੇ ਹੋ। ਇੱਥੇ ਹਰ ਰੋਜ਼ ਬਹੁਤ ਸਾਰੇ ਵੱਖ-ਵੱਖ ਕੇਸਾਂ ਦੀ ਸੁਣਵਾਈ ਹੁੰਦੀ ਹੈ, ਅਪਰਾਧਿਕ ਅਤੇ ਸਿਵਲ (ਫੌਜਦਾਰੀ ਅਤੇ ਦੀਵਾਨੀ) ਦੋਵੇਂ। ਤੁਹਾਡੇ ਕੇਸ ਦੀ ਸੁਣਵਾਈ ਤੋਂ ਪਹਿਲਾਂ ਤੁਹਾਨੂੰ ਕੁੱਝ ਸਮਾਂ ਉਡੀਕ ਕਰਨੀ ਪੈ ਸਕਦੀ ਹੈ।
ਕੁੱਝ ਅਦਾਲਤਾਂ ਬਹੁਤ ਰੁੱਝੀਆਂ ਹੋਈਆਂ ਹੁੰਦੀਆਂ ਹਨ, ਅਤੇ ਇਹ ਅਹਿਮ ਹੈ ਕਿ ਤੁਸੀਂ ਅਦਾਲਤ ਵਿੱਚ ਜਾਂ ਅਦਾਲਤ ਦੇ ਕਮਰੇ ਵਿੱਚ ਪਹੁੰਚਣ ਤੋਂ ਬਾਅਦ ਆਪਣਾ ਨਾਮ ਜਾਂ ਆਪਣੀ ਕੰਪਨੀ ਦਾ ਨਾਮ ਬੋਲੇ ਜਾਣ ਦਾ ਧਿਆਨ ਰੱਖੋ। ਅਦਾਲਤ ਵਿਚ ਲਾਊਡਸਪੀਕਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੇ ਤੁਸੀਂ ਅਦਾਲਤ ਦੇ ਕਮਰੇ ਦੇ ਬਾਹਰ ਉਡੀਕ ਕਰ ਰਹੇ ਹੋ, ਤਾਂ ਤੁਹਾਨੂੰ ਹੈੱਡਫੋਨ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਜੋ ਤੁਸੀਂ ਆਪਣਾ ਨਾਮ ਬੁਲਾਏ ਜਾਣ ‘ਤੇ ਸੁਣ ਸਕੋ।
ਜੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਕੇਸ ਵਿੱਚ ਕੀ ਕਿਹਾ ਜਾ ਰਿਹਾ ਹੈ, ਇਹ ਸਮਝਣ ਵਿੱਚ ਤੁਹਾਡੀ ਮੱਦਦ ਕਰਨ ਲਈ ਤੁਹਾਨੂੰ ਇੱਕ ਦੁਭਾਸ਼ੀਏ ਦੀ ਲੋੜ ਹੈ, ਇੱਥੇ ਹੋਰ ਜਾਣਕਾਰੀ ਉਪਲਬਧ ਹੈ।
ਜੇਕਰ ਤੁਹਾਡੇ ਕੋਲ ਤੁਹਾਡੇ ਕੇਸ ਵਿੱਚ ਤੁਹਾਡੀ ਨੁਮਾਇੰਦਗੀ ਕਰਨ ਵਾਲਾ ਕੋਈ ਵਕੀਲ ਨਹੀਂ ਹੈ ਅਤੇ ਤੁਸੀਂ ਕੋਈ ਵਕੀਲ ਚਾਹੁੰਦੇ ਹੋ, ਤਾਂ ਇੱਥੇ ਹੋਰ ਜਾਣਕਾਰੀ ਉਪਲਬਧ ਹੈ।